ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਦੇ ਵਿੱਚ ਇਕ ਨਿੱਜੀ ਅਤੇ ਸਾਦੇ ਸਮਾਗਮ ਦੌਰਾਨ ਹਰਿਆਣਾ ਦੇ ਕੁਰੂਕਸ਼ੇਤਰ ਦੀ ਰਹਿਣ ਵਾਲੀ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦੀਆਂ ਕੁਝ ਵੱਡੀਆਂ ਗੱਲਾਂ ਜੋ ਤੁਹਾਨੂੰ ਜਾਣਨ ਵਿਚ ਦਿਲਚਸਪੀ ਹੋ ਸਕਦੀਆਂ ਹਨ-
ਨਿਊਜ਼ ਏਜੰਸੀ ਏ ਐਨ ਆਈ ਦੇ ਅਨੁਸਾਰ, ਆਮ ਤੌਰ ਦੇ ਉੱਤੇ ਵਿਆਹਾਂ ਵਿੱਚ ਵਰਤਿਆ ਜਾਣ ਵਾਲਾ ‘ਬੈਂਡ, ਬਾਜਾ, ਬਾਰਾਤ’ ਗਾਇਬ ਸੀ ਪਰ ਜ਼ਸ਼ਨ ਦਾ ਮਾਹੌਲ ਬਣਿਆ ਹੋਇਆ ਸੀ। ਟੈਲੀਵਿਜ਼ਨ ਅਤੇ ਟਵਿੱਟਰ ਦੇ ਉੱਤੇ ਫੋਟੋਆਂ ਨੇ ਆਨੰਦ ਕਾਰਜ ਸਮਾਰੋਹ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਲਾੜੀ ਨੂੰ ਲਾਲ ਰੰਗ ਦੇ ਕੱਪੜੇ ਪਾਏ ਹੋਏ ਦਿਖਾਇਆ।
ਆਮ ਆਦਮੀ ਪਾਰਟੀ ਨੇਤਾ ਰਾਘਵ ਚੱਢਾ ਨੇ ਟਵਿੱਟਰ ਦੇ ਰਾਹੀਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਭਗਵੰਤ ਮਾਨ ਆਪਣੀ ਪੀਲੀ ਪੱਗ ਤੇ ਸੁਨਹਿਰੀ ਰੰਗ ਦਾ ਕੁੜਤਾ-ਪਜਾਮਾ ਪਹਿਨੇ ਦਿਖਾਈ ਦੇ ਰਹੇ ਹਨ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦਾ ਪਰਿਵਾਰ ਅਤੇ ਚੱਢਾ ਵਿਆਹ ਦੇ ਵਿੱਚ ਸ਼ਾਮਲ ਹੋਏ।
ਚੰਡੀਗੜ੍ਹ ਦੇ ਸੈਕਟਰ 2 ਸਥਿਤ ਮੁੱਖ ਮੰਤਰੀ ਦੇ ਘਰ ਦੇ ਉੱਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਦੁਲਹਨ ਨੇ ਟਵਿੱਟਰ ਦੇ ਰਾਹੀਂ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਵਿਆਹ ਦੇ ਮੇਨੂ ‘ਚ ਭਾਰਤੀ ਅਤੇ ਇਤਾਲਵੀ ਪਕਵਾਨ ਸ਼ਾਮਲ ਸਨ। ਇਸ ਦੇ ਵਿੱਚ ਕਢਾਈ ਪਨੀਰ, ਤੰਦੂਰੀ ਕੁਲਚੇ, ਦਾਲ ਮਖਨੀ, ਨਵਰਤਨ ਬਿਰਯਾਨੀ, ਮੌਸਮੀ ਸਬਜ਼ੀਆਂ, ਖੜਮਾਨੀ ਭਰਿਆ ਕੋਫਤਾ, ਲਸਾਗਨਾ ਸਿਸਿਲਿਆਨੋ ਅਤੇ ਮੂੰਗ ਦਾਲ ਹਲਵਾ, ਅੰਗੂਰੀ ਰਸਮਲਾਈ ਤੇ ਸੁੱਕੇ ਮੇਵੇ ਰਬੜੀ ਵੀ ਮੌਜੂਦ ਸੀ।
CM ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ 6 ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਉਨ੍ਹਾਂ ਦੇ ਪਿਛਲੇ ਵਿਆਹ ਤੋਂ 2 ਬੱਚੇ ਹਨ- ਬੇਟੀ ਸੀਰਤ ਕੌਰ (21) ਅਤੇ ਬੇਟਾ ਦਿਲਸ਼ਾਨ (17) ਹੈ।